ਪੰਜਾਬ ਮਹਿਲਾ ਸਮੂਹ (Punjab Women Collective)

ਦਾ ਪੈਗਾਮ ਸੰਘਰਸ਼ਸ਼ੀਲ ਕਿਸਾਨ ਮਰਦ ਅਤੇ ਔਰਤਾਂ ਦੇ ਨਾਮ  

                                                                      

ਪੰਜਾਬ ਦੀ ਧਰਤੀ 113 ਸਾਲ ਬਾਦ ਫਿਰ ਮਹਾਨ ਕਿਸਾਨ ਅੰਦੋਲਨ ਦੀ ਗਵਾਹ ਬਣੀ ਹੈ। ਸੰਨ1907 ਵਿਚ ਅੰਗਰੇਜਾਂ ਵਲੋਂ ਬਣਾਏ ਕਿਸਾਨ ਮਾਰੂ ਕਾਨੂੰਨਾਂ ਖਿਲਾਫ ਸਰਦਾਰ ਅਜੀਤ ਸਿੰਘ(ਚਾਚਾ ਸ਼ਹੀਦ ਭਗਤ ਸਿੰਘ) ਨੇ “ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ” ਲਹਿਰ ਦੀ ਅਗਵਾਈ ਕੀਤੀ। ਗਿਆਰਾਂ ਮਹੀਨੇ ਦੀ ਲੰਬੀ ਜਦੋਜਹਿਦ ਤੋਂ ਬਾਦ ਅੰਗਰੇਜਾਂ ਨੂੰ  ਉਹ ਕਾਨੂੰਨ  ਰੱਦ ਕਰਨ ਲਈ ਮਜਬੂਰ ਹੋਣਾ ਪਿਆ। ਇਸ ਤੋਂ ਬਿਨਾਂ ਪੰਜਾਬ ਦੀ ਧਰਤੀ  ਕੁੰਜੀਆਂ ਦਾ ਮੋਰਚਾ,ਗੁਰੂ ਕੇ ਬਾਗ ਦਾ ਮੋਰਚਾ,ਜੈਤੋ ਦਾ ਮੋਰਚਾ,ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਦਾ ਮੋਰਚਾ,ਹਰਸਾ ਛੀਨਾ ਮੋਰਚਾ, ਪਰਜਾ ਮੰਡਲ ਲਹਿਰ,ਬੇਦੀ ਫਾਰਮ ਦਾ ਮੋਰਚਾ,ਖੁਸ਼ ਹੈਸੀਅਤ ਮੋਰਚਾ ਅਤੇ ਮੁਜਾਰਾ ਲਹਿਰ ਦੇ ਮੋਰਚਿਆਂ ਦੀ ਗਵਾਹ ਬਣ ਚੁੱਕੀ ਹੈ ਜਿਹਨਾਂ ਵਿੱਚੋਂ  ਬਹੁਤ ਸਾਰੇ  ਸਿੱਧੇ ਅਤੇ ਅਸਿੱਧੇ ਤੌਰ ਤੇ ਕਿਸਾਨੀ ਸੰਕਟ ਨਾਲ ਹੀ ਸਬੰਧਤ ਸਨ।   

ਇਤਿਹਾਸ ਵਿੱਚ 2020 ਦਾ ਵਰ੍ਹਾ ਜਿੱਥੇ ਕੋਵਿਡ -19 ਦੀ ਮਹਾਂਮਾਰੀ ਕਰਕੇ ਯਾਦ ਕੀਤਾ ਜਾਵੇਗਾ ਉੱਥੇ ਮੋਦੀ ਸਰਕਾਰ ਵਲੋਂ ਕਿਸਾਨਾਂ ਵਿਰੁੱਧ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਅਰੰਭੇ ਮਿਸਾਲੀ ਅੰਦੋਲਨ ਵਜੋਂ ਵੀ ਯਾਦ ਕੀਤਾ ਜਾਵੇਗਾ ਜਿਹਨਾਂ ਕਾਨੂੰਨਾਂ ਕਰਕੇ ਕਿਸਾਨਾਂ ਨੂੰ ਉਹਨਾਂ ਦੇ ਜੱਦੀ ਪੁਸ਼ਤੀ ਖੇਤੀ ਧੰਦੇ ਵਿਚੋਂ ਖ਼ਤਮ ਕੀਤਾ ਜਾਵੇਗਾ ਅਤੇ ਕਾਰਪੋਰੇਟ ਘਰਾਣਿਆਂ ਦੀ ਖੇਤੀ ਦੇ ਧੰਦੇ ਉਪਰ ਇਜਾਰੇਦਾਰੀ ਕਾਇਮ ਕਰ ਦਿੱਤੀ ਜਾਵੇਗੀ। , ਕਿਸਾਨ ਮਰਦ ਅਤੇ ਔਰਤਾਂ ਨੇ ਮੋਢੇ  ਨਾਲ ਮੋਢਾ ਜੋੜ ਕੇ 26 ਨਵੰਬਰ 2020 ਨੂੰ ਸੰਵਿਧਾਨ ਦਿਵਸ ਵਾਲੇ ਦਿਨ ਪੰਜਾਬ ਦੇ ਵੱਖ ਵੱਖ ਪਿੰਡਾਂ ਅਤੇ ਕਸਬਿਆਂ ਤੋਂ ਦਿੱਲੀ ਵੱਲ ਕੂਚ ਕੀਤਾ ਜੋ ਸਤੰਬਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਵੱਖਰੇ ਵੱਖਰੇ ਟੋਲ ਪਲਾਜਿਆਂ ਅਤੇ ਰੇਲਵੇ ਸਟੇਸ਼ਨਾਂ ਉੱਤੇ ਧਰਨੇ ਲਗਾ ਕੇ ਕਿਸਾਨਾਂ ਵਿੱਰੁਧ ਲਿਆਂਦੇ ਕਾਲੇ ਕਾਨੂੰਨਾਂ ਨੂੰ ਖਤਮ ਕਰਾਉਣ ਲਈ ਸੰਘਰਸ਼ ਕਰ ਰਹੇ ਸਨ।

 ਅੰਦੋਲਨਕਾਰੀ ਕਿਸਾਨ ਭਗੋਲਿਕ ਤੌਰ ਤੇ ਹਰਿਆਣਾ ਪ੍ਰਾਂਤ ਦੀ ਧਰਤੀ ਉੱਤੇ ਬੈਠੇ ਹਨ ਜੋ ਦਿੱਲੀ ਜਾਣ ਲਈ ਤੁਰੇ ਸਨ। ਹਰਿਆਣਾ ਦੇ ਕਿਸਾਨਾਂ ਦਾ ਬੈਰੀਕੇਡ ਹਟਾਉਣ ਵਿੱਚ ਸਹਿਯੋਗ ਬਹੁਤ ਮਹੱਤਵ ਪੂਰਨ ਹੈ।  ਦਿੱਲੀ ਦੇ ਹਰ ਬਾਡਰ ਉੱਤੇ ਟਰੈਕਟਰਾਂ- ਟਰਾਲੀਆਂ ਦਾ ਵੱਡਾ ਜਮਾਵੜਾ ਹੈ। ਵੱਡੀ ਗਿਣਤੀ ਮਰਦਾਂ ਦੀ ਹੈ ਫਿਰ ਵੀ ਪੰਜਾਬ ਦੇ ਪਿੰਡਾਂ ਵਿੱਚੋਂ ਕਿਸਾਨ ਔਰਤਾਂ ਦੀ ਸ਼ਮੂਲੀਅਤ ਬੇਜੋੜ ਹੈ। ਪੰਜਾਬ ਨੇ ਇਸ ਕਿਸਾਨੀ ਅੰਦੋਲਨ ਦੀ ਅਗਵਾਈ ਕਰਕੇ ਮੋਹਰੀ ਭੂਮਿਕਾ ਅਦਾ ਕੀਤੀ ਹੈ ਅਤੇ ਹਿੰਦੁਸਤਾਨ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ।ਇਸ ਅੰਦੋਲਨ ਵਿੱਚ ਪੰਜਾਬ ਅਤੇ ਹਰਿਆਣਾ ਪ੍ਰਾਂਤਾਂ ਵਿੱਚੋਂ ਹਰ ਵਰਗ ਸ਼ਾਮਿਲ ਹੋ ਕੇ ਇਸ ਅੰਦੋਲਨ ਦਾ ਹਿੱਸਾ ਵੀ ਬਣ ਰਿਹਾ ਹੈ ਅਤੇ ਹਰ ਤਰ੍ਹਾਂ ਦਾ ਸਮਰਥਨ ਵੀ ਦੇ ਰਿਹਾ ਹੈ।  ਇੱਥੋਂ ਤਕ ਕਿ  ਸਮੁੱਚੇ ਸੰਸਾਰ ਵਿੱਚ ਬੈਠੇ ਪੰਜਾਬੀ ਅਤੇ ਹਿੰਦੁਸਤਾਨੀ ਮੂਲ ਦੇ ਵਿਅਕਤੀ ਸੰਸਾਰ ਦੇ ਵੱਖ ਵੱਖ ਸ਼ਹਿਰਾਂ ਵਿੱਚ ਹਿੰਦੁਸਤਾਨ ਦੀਆਂ ਅੰਬੈਸੀਆਂ ਮੂਹਰੇ ਪ੍ਰਦਰਸ਼ਨ ਕਰਕੇ,ਅੰਬਾਨੀ,ਅਤੇ ਅਡਾਨੀ ਦੇ ਮਾਲ ਦਾ ਬਾਈਕਾਟ ਕਰਕੇ ਇਸ ਅੰਦੋਲਨ ਨਾਲ ਆਪਣੀ ਯਕਜਹਿਤੀ ਪ੍ਰਗਟ ਕਰ ਰਿਹਾ ਹੈ। ਇਸ  ਅੰਦੋਲਨ ਵਿੱਚ ਉੱਤਰ ਪ੍ਰਦੇਸ, ਉੱਤਰਖੰਡ, ਰਾਜਸਥਾਨ, ਮੱਧ ਪ੍ਰਦੇਸ,ਬਿਹਾਰ ਅਤੇ ਮਹਾਂਰਾਸ਼ਟਰ,ਆਂਧਰਾ ਪ੍ਰਦੇਸ  ਅਤੇ ਤਿੰਲਗਾਨਾ ਤੋਂ ਕਿਸਾਨ ਸ਼ਾਮਿਲ ਹੋ ਚੁੱਕੇ ਹਨ। ਦੇਸ਼ ਵਿੱਚ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਰੋਸ ਪ੍ਰਦਰਸ਼ਨ ਅਤੇ ਧਰਨੇ ਲਗਾਏ ਜਾ ਰਹੇ ਹਨ। ਹੁਣ ਇਹ ਅੰਦੋਲਨ ਦੇਸ਼ ਵਿਆਪੀ ਅੰਦੋਲਨ ਬਣ ਗਿਆ ਹੈ।  

ਤੁਸੀਂ ਜਿਸ ਤਰ੍ਹਾਂ ਕਿਸਾਨ ਵਿਰੋਧੀ ਤਿੰਨ ਅਤਿਆਚਾਰੀ ਕਾਨੂੰਨਾਂ ਦਾ, ਸਰਕਾਰ ਦੇ ਦਮਨਕਾਰੀ ਹਮਲਿਆਂ ਦਾ, ਤਾਨਾਸ਼ਾਹੀ ਨੀਤੀਆਂ ਦਾ ਅਤੇ ਸੱਤਾਧਾਰੀ ਧੌਸ ਨੂੰ ਨਿਡਰਤਾ ਅਤੇ ਪੁਰਅਮਨ ਢੰਗ ਨਾਲ ਮੰਨਣ ਤੋਂ ਇਨਕਾਰ ਕੀਤਾ ਹੈ,ਇਹ ਬੇਮਿਸਾਲ ਹੈ । ਤੁਸੀਂ ਲਾਠੀਚਾਰਜ,ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦਾ ਸਾਹਮਣਾ ਜਿਸ ਦਲੇਰੀ ਨਾਲ ਕੀਤਾ,ਉਸ ਵਿੱਚ ਸਿੱਖ ਗੁਰੂ ਸਾਹਿਬਾਨ ਦਾ ਸੰਦੇਸ਼ ਹੈ, ਜਿਸ  ਵਿੱਚ ਅਮਨ ਅਤੇ ਭਾਈਚਾਰੇ ਦਾ, ਸਰਭ ਸਾਝੀਵਾਲਤਾ ਦਾ,ਸਰਵੱਤ ਦੇ ਭਲੇ ਦਾ,ਚੜਦੀ ਕਲਾ ਦਾ,ਜ਼ੁਲਮ ਅੱਗੇ ਸਿਰ ਨਾ ਨਿਵਾਬਣ  ਦੀ ਰੀਤ ਦਾ ਪ੍ਰਵਚਨ ਸ਼ਾਮਿਲ ਹੈ। ਇਸ ਵਿੱਚ ਦੁੱਲੇ ਭੱਟੀ ਦੀ ਨਾਬਰੀ, ਦੇਸ਼ ਦੀ ਆਜਾਦੀ ਲਈ ਕੁਰਬਾਨ ਹੋਣ ਵਾਲੇ ਗਦਰੀ ਬਾਬਿਆਂ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ,ਸ਼ਹੀਦ  ਊਧਮ ਸਿੰਘ ਅਤੇ ਹੋਰ ਮਰਜੀਵੜਿਆਂ ਦੀ ਦਲੇਰੀ ਸ਼ਾਮਿਲ ਹੈ ।ਇਸ ਦੇ ਵਿੱਚ ਪੁਰਖਿਆਂ ਦਾ ਰਾਂਗਲਾ ਇਤਿਹਾਸ ਸਾਮਿਲ ਹੈ,ਇਸ ਵਿਚ ਲੋਕ ਮਨ ਦਾ ਸਿਰਜਿਆ ਮਿਥਿਹਾਸ ਸਾਮਿਲ ਹੈ। ਇਹਦੇ ਵਿੱਚ ਸਾਡਾ ਸਬਰ ਅਤੇ ਸਿਦਕ ਸਾਮਿਲ ਹੈ,ਇਸ ਦੇ ਵਿਚ ਸਬਦ, ਸੁਰਤ ਅਤੇ ਅਰਦਾਸ ਸਾਮਿਲ ਹੈ।                                           

ਭਾਰਤ ਦੇ ਇਤਿਹਾਸ ਵਿੱਚ ਇਹ ਅੰਦੋਲਨ ਇੱਕ ਪ੍ਰਤੀਕ ਬਣ ਗਿਆ ਹੈ -ਆਜਾਦੀ ਦਾ,ਬੇਖੌਫ ਅਵਾਜਾਂ ਅਤੇ ਵਿਚਾਰਾਂ ਦਾ,ਵਿਰੋਧਾਂ ਦਾ, ਨਾਹਰਿਆਂ ਦਾ,ਐਲਾਨਾਂ ਦਾ। ਇਹ ਹੁਣ ਕੇਵਲ ਕਿਸਾਨ ਅੰਦੋਲਨ ਹੀ ਨਹੀਂ ਰਿਹਾ,ਇਹ ਲੋਕਤੰਤਰੀ ਪ੍ਰਬੰਧ ਵਾਲੇ ਦੇਸ਼ ਵਿੱਚ ਤਾਨਾਸ਼ਾਹੀ ਤਰੀਕੇ ਦੇ ਅਮਲ ਦੇ ਵਿੱਰੁਧ ਕਿਰਤੀਆਂ,ਕਿਸਾਨਾਂ, ਮਹਿਲਾਵਾਂ, ਨੌਜਵਾਨਾਂ, ਬਜੁਰਗਾਂ ਅਤੇ ਬੱਚਿਆਂ ਦੀ ਸ਼ਮੂਲੀਅਤ ਨਾਲ ਜਨ ਅੰਦੋਲਨ ਦਾ ਰੂਪ ਧਾਰਨ ਚੁਕਿਆ ਹੈ। ਇਸ ਅੰਦੋਲਨ ਨੇ ਸੰਸਾਰ ਭਰ ਦੀਆਂ ਸਰਕਾਰਾ ਦਾ ਧਿਆਨ ਖਿਚਿਆ ਹੈ। ਭਾਰਤ  ਸਰਕਾਰ ਵੱਲੋਂ ਕਿਸਾਨਾਂ ਦੇ ਪੁਰਅਮਨ ਮਾਰਚ ਉੱਤੇ ਕੀਤੀ ਹਿੰਸਾ ਦੀ ਨਿਖੇਧੀ ਕੀਤੀ ਹੈ। ਇਸ ਅੰਦੋਲਨ ਨੇ ਹਿੰਦੁਸਤਾਨ ਦੇ ਆਮ ਨਾਗਰਿਕਾਂ ਵਿਚ ਇਕ ਉਮੀਦ  ਦੀ ਕਿਰਨ ਜਗਾਈ ਹੈ।

ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦੇ ਹਨ  ਫਿਰ ਵੀ ਸਾਡੇ ਦੇਸ ਦੇ ਵੱਡੇ ਹਿੱਸੇ ਦੇ ਕਿਸਾਨਾਂ ਦਾ ਜੀਵਨ ਬਹੁਤ ਦਰਦਨਾਕ ਹੈ। ਹਰ ਸਾਲ ਮੌਸਮ ਦੀ ਮਾਰ ਨਾਲ ਫਸਲਾਂ ਦੇ ਬਰਬਾਦ ਹੋਣ ਨਾਲ ਕਰਜਾ ਨਾ ਚੁਕਾਉਣ ਕਰਕੇ ਕਿਸਾਨ ਖੁਦਕਸ਼ੀਆਂ ਕਰਨ ਲਈ ਮਜਬੂਰ ਹੁੰਦੇ ਹਨ। ਸਰਕਾਰ ਸਿੱਧੇ ਤੌਰ ਤੇ  ਇਹਨਾਂ ਆਤਮ ਹਤਿਆਵਾਂ ਦੀ ਜਿੰਮੇਵਾਰ ਹੈ। ਕਿਸਾਨਾਂ  ਦੇ ਕਰਜ ਮੁਆਫੀ ਦੇ ਵਾਅਦੇ ਤਾਂ ਕੀਤੇ ਜਾਂਦੇ ਹਨ ਪਰ ਸੱਤਾ ਹਾਸਿਲ ਕਰਨ ਤੋਂ ਬਾਅਦ ਉਹਨਾਂ ਨੂੰ ਭੁਲਾ ਦਿੱਤਾ ਜਾਂਦਾ ਹੈ।  ਪਿਛਲੇ ਲੰਬੇ ਸਮੇੰ ਤੋਂ ਕਿਸਾਨੀ ਸੰਘਰਸ਼ ਦੀ ਇਹ ਮੰਗ ਰਹੀ ਹੈ ਕਿ ਘਟੋ ਘੱਟ ਇਕ ਵਾਰ ਸਾਰੀ ਕਰਜ ਮਾਫੀ ਹੋ ਜਾਵੇ ਅਤੇ ਸਵਾਮੀਨਾਥਨ  ਕਮਿਸ਼ਨ ਦੀਆਂ ਸਿਫਾਂਰਸ਼ਾ ਦੇ ਅਨੁਸਾਰ ਲਾਗਤ ਮੁੱਲ ਦੇ ਡੇੜ ਪ੍ਰਤੀਸ਼ਤ ਵਾਧੇ ਦੀ ਦਰ ਨਾਲ ਘਟੋ ਘੱਟ  ਸਮਰਥਨ ਮੁੱਲ ਨਿਰਧਾਰਤ ਕੀਤਾ ਜਾਵੇ। ਮੋਦੀ ਸਰਕਾਰ ਨੇ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਮੰਨਣ ਦੀ ਵਜਾਏ ਸਗੋਂ  ਤਿੰਨ ਕਾਲੇ ਕਾਨੂੰਨ ਕਿਸਾਨਾਂ ਉਪਰ ਥੋਪ ਦਿੱਤੇ। ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ  ਸਰਕਾਰੀ ਮੰਡੀਆਂ ਦਾ ਖਾਤਮਾ,ਕੰਪਨੀਆਂ ਦਾ ਆਪਣੀ ਮਰਜੀ ਅਨੁਸਾਰ ਜਿਨਸਾਂ ਦਾ ਮੁਲ ਮਿਥੱਣਾ ,ਮੁੱਖ ਖਾਣ  ਜਿਨਸਾਂ ਨੂੰ ਜ਼ਰੂਰੀ ਵਸਤਾਂ ਅਧਿਨਿਯਮ ਦੀ ਸੂਚੀ ਚੋੰ ਬਾਹਰ ਕਢ ਕੇ ਜਮ੍ਹਾਖੋਰੀ ਨੂੰ ਖੁਲ੍ਹ ਦਿੱਤੀ ਜਾਵੇਗੀ ।ਕਾਰਪੋਰੇਟ ਸਸਤੇ ਭਾਅ ਉੱਤੇ ਜਿਨਸਾਂ ਖਰੀਦ ਕੇ ਆਮ ਨਾਗਰਿਕਾਂ ਨੂੰ  ਖਾਣ ਵਸਤਾਂ ਮਹਿੰਗੇ  ਮੁੱਲ ਉੱਤੇ ਵੇਚਣਗੇ। ਇਹ ਕਾਨੂੰਨ ਕਿਸਾਨਾਂ ਨੂੰ ਦੇਸੀ ਅਤੇ ਵਿਦੇਸ਼ੀ  ਕੰਪਨੀਆਂ ਦੇ ਗੁਲਾਮ ਬਣਾ ਦੇਣਗੇ  ।

           ਜਦੋਂ ਅਸੀਂ ਪੰਜਾਬ ਵੋਮੈਨ ਕੁਲੈਕਟਿਵ (Punjab Women Collective) ਵਲੋਂ ਇਸ ਅੰਦੋਲਨ ਨੂੰ ਸ਼ੁਭ ਇਛਾਵਾਂ ਭੇਜ ਰਹੀਆਂ ਹਾਂ ਤਾਂ ਅਸੀਂ ਆਪਣੇ ਆਪ ਨੂੰ ਵੀ ਸਾਬਾਸ਼ ਦੇ ਰਹੀਆਂ ਹਾਂ ਕਿਉਂਕਿ ਕਿਸਾਨ ਅੰਦੋਲਨ ਵਿੱਚ”ਪੰਜਾਬ ਨਾਰੀ ਸਮੂਹ”(Punjab Women Collective)  ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਦੀਆਂ ਔਰਤਾਂ(ਪੰਜਾਬ ਇਸਤਰੀ ਸਭਾ, ਜਨਵਾਦੀ ਇਸਤਰੀ ਸਭਾ ਪੰਜਾਬ, ਇਸਤਰੀ ਜਾਗਰਤੀ ਮੰਚ,ਆਲ ਇੰਡੀਆ ਪ੍ਰੋਗਰੈਸਿਵ ਵੋਮੈਨ ਐਸੋਸੀਏਸ਼ਨ, ਆਲ ਇੰਡੀਆ ਡੈਮੋਕਰੇਟਿਕ ਵੋਮੈਨ ਐਸੋਸੀਏਸ਼਼ਨ ਅਤੇ ਭਾਰਤੀਆ ਮਹਿਲਾ ਫੈਡਰੇਸ਼ਨ,) ਉਭਰਵੇਂ ਰੂਪ ਵਿੱਚ ਸਿੰਘੂ-ਕੁੰਡਲੀ ,ਟਿੱਕਰੀ,ਸਾਹਜਹਾਂਪੁਰ, ਬਹਾਦਰਗੜ੍ਹ ਅਤੇ ਗਾਜੀਪੁਰ ਬਾਰਡਰਾਂ ਉਤੇ ਬੈਠੀਆਂ ਹਿੱਸਾ ਪਾ ਰਹੀਆਂ ਹਨ । ਅਸੀਂ ਅੰਦੋਲਨ ਦੀ ਜਿੱਤ ਦੀ ਪੈਰਵੀ ਲਈ ਇੱਕਜੁਟ ਹੋ ਕੇ ਤੁਹਾਡੇ ਨਾਲ ਹਾਂ। ਤੁਸੀਂ ਇਹ ਦਿਖਾ ਦਿੱਤਾ ਹੈ ਕਿ ਸਰਕਾਰ ਆਪਣੀ ਮਨਮਾਨੀ ਨਾਲ ਲੋਕਤੰਤਰੀ ਪ੍ਰਬੰਧ ਵਾਲੇ ਦੇਸ਼ ਵਿੱਚ ਲੋਕ ਮਾਰੂ ਨੀਤੀਆਂ ਥੋਪ ਨਹੀਂ ਸਕਦੀ ਅਤੇ ਉਸ ਦਾ ਵਿਰੋਧ ਕਰਨਾ ਹਰ ਨਾਗਰਿਕ ਦਾ ਮੁੱਢਲਾ ਅਧਿਕਾਰ ਹੈ।

ਜਦੋਂ ਅਸੀਂ ਕਿਸਾਨ ਦੀ ਗੱਲ ਕਰਦੇ ਹਾਂ ਤਾਂ ਸਾਡੇ ਮਨ ਵਿੱਚ ਹਮੇਸ਼ਾ ਪੁਰਸ਼ ਕਿਸਾਨ ਹੀ ਆਉਂਦਾ ਹੈ,ਪਰ ਕਿਸਾਨੀ ਦੀ ਅੱਧੀ ਆਬਾਦੀ ਮਹਿਲਾ ਕਿਸਾਨਾਂ ਦੀ ਹੈ।ਸਾਡਾ ਮੰਨਣਾ ਹੈ ਕਿ ਮਹਿਲਾ ਕਿਸਾਨ ਖੇਤੀਬਾੜੀ ਪਰੰਪਰਾ ਅਤੇ ਖੇਤੀਬਾੜੀ ਆਰਥਿਕਤਾ ਦੀ ਆਧਾਰਸ਼ਿਲਾ ਹਨ। ਪੇਂਡੂ ਔਰਤਾਂ ਦਾ 85%ਹਿੱਸਾ ਖੇਤੀਬਾੜੀ ਵਿੱਚ ਹੀ ਲੱਗਾ ਹੋਇਆ ਹੈ ਪਰ ਖੇਤੀਬਾੜੀ ਵਾਲੀ ਜ਼ਮੀਨ ਦੇ ਸਿਰਫ 12-13% ਹਿੱਸੇ ਉੱਤੇ ਔਰਤਾਂ ਦੀ ਮਾਲਕੀ ਹੈ। ਪੁਰਸ਼ ਕਿਸਾਨ ਦੀ ਆਤਮ ਹੱਤਿਆ ਦੀ ਸਥਿਤੀ ਵਿੱਚ ਔਰਤ ਦੇ ਨਾਂ ਉੱਤੇ ਜਮੀਨ ਦੀ ਮਾਲਕੀ ਕਰਨ ਦੀ ਪ੍ਰਕ੍ਰਿਆ ਬਹੁਤ ਜਟਿਲ ਹੈ । ਆਤਮ ਹੱਤਿਆ ਪੀੜਤ 29% ਕਿਸਾਨ ਪਤਨੀਆਂ ਯਾਨੀ ਮਹਿਲਾ ਕਿਸਾਨ ਪਤੀ ਦੀ ਜਮੀਨ ਦੇ ਹਿੱਸੇ ਨੂੰ ਅਤੇ 65 % ਪਤੀ ਦੇ ਨਾਂ  ਉਤਲੇ ਘਰਾਂ ਨੂੰ ਆਪਣੇ ਨਾਂ ਵਿੱਚ ਕਰਨ ਵਿੱਚ ਅਸਫਲ ਰਹਿੰਦੀਆਂ ਹਨ। ਮਹਿਲਾ ਕਿਸਾਨ ਨੂੰ ਖੇਤੀਬਾੜੀ ਕਰਜੇ ,ਕਰਜ ਮਾਫੀ,ਬਿਜਲੀ ,ਪਾਣੀ ਅਤੇ ਬੀਜ ਵਿੱਚ ਮਿਲਣ ਵਾਲੀ ਸਬਸਿਡੀ ਵਿੱਚ ਵੀ ਕਠਿਨਾਈ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਇਹਨਾਂ ਕਾਲੇ ਕਾਨੂੰਨਾ ਦਾ ਔਰਤਾਂ ਉੱਤੇ ਵੱਧ  ਘਾਤਕ ਅਸਰ ਪਵੇਗਾ।                                                                                                                                                    

ਅੱਜ ਅਸੀਂ ਦੇਖ ਰਹੇ ਹਾਂ ਕਿ ਮੋਦੀ ਸਰਕਾਰ, ਭਾਜਪਾ ਦੇ ਨੇਤਾ ਅਤੇ ਇਹਨਾਂ ਦਾ ਆਈ ਟੀ ਸੈਲ ਅਤੇ ਗੋਦੀ ਮੀਡੀਆ ਅੰਦੋਲਨਕਾਰੀਆਂ ਨੂੰ ਸਰਕਾਰ ਦਾ ਦੁਸ਼ਮਣ,ਦੇਸ਼ ਦਾ ਦੁਸ਼ਮਣ, ਆਤੰਕਵਾਦੀ,ਪਾਕਿਸਤਾਨੀ,ਖਾਲਿਸਤਾਨੀ, ਟੁਕੜੇ ਟੁਕੜੇ ਗੈਂਗ ਅਤੇ ਗੁੰਮਰਾਹ ਹੌਏ ਲੋਕ ਗਰਦਾਨ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਸਿੱਖ ਕਿਸਾਨ ਇਸ ਅੰਦੋਲਨ ਵਿੱਚ ਪਹਿਲੀ ਕਤਾਰ ਵਿੱਚ ਖੜੇ  ਮੋਹਰੀ ਭੂਮਿਕਾ ਅਦਾ ਕਰ ਰਹੇ  ਹਨ। ਇਹਨਾਂ ਕਿਸਾਨਾਂ ਵਿੱਚੋਂ ਕਈਆਂ ਦੇ ਪੁੱਤਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਸ਼ਹੀਦ ਹੋਏ ਹਨ।  ਭਾਜਪਾ ਦੀ ਸਮਰਥਕ ਕੰਗਨਾ ਵਲੋਂ ਸਰਕਾਰ ਦਾ ਪੱਖ ਪੂਰਨ ਲਈ ਕੌਝੀ ਹਰਕਤ ਕੀਤੀ ਗਈ ਜਿਸ ਨੇ ਸ਼ਾਹੀਨ ਬਾਗ ਦੀ ਦਾਦੀ ਬਿਲਕਿਸ ਬਾਨੋ ਅਤੇ ਕਿਸਾਨ ਅੰਦੋਲਨ ਦੀ ਦਾਦੀ ਮਹਿੰਦਰ ਕੌਰ ਨੂੰ ਸੌ ਸੌ ਰੁਪਏ ਵਿੱਚ ਵਿਕਣ ਵਾਲੀ ਕਹਿ ਕੇ ਸਮੁੱਚੀ ਨਾਰੀ ਜਾਤੀ ਨੂੰ ਅਪਮਾਨਿਤ ਕੀਤਾ । ਬਿਲਕਿਸ ਬਾਨੋ ਨੂੰ ਕਿਸਾਨ ਅੰਦੋਲਨ ਵਿੱਚ ਆਉਣ ਤੋਂ ਰੋਕਿਆ ਗਿਆ। ਸ਼ਾਹੀਨ ਬਾਗ ਦੀ ਤਰ੍ਹਾਂ ਇਸ ਅੰਦੋਲਨ ਨੂੰ ਵੀ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਚਲੀਆਂ ਗਈਆਂ।ਲੌਕਾਂ ਦੇ ਸਰਕਾਰੀ ਨੀਤੀਆਂ ਦਾ ਵਿਰੋਧ ਕਰਨ ਦੇ ਅਧਿਕਾਰ ਨੂੰ ਦੇਸ਼ ਦਾ ਵਿਰੋਧੀ ਬਣਾ ਕੇ ਪੇਸ਼ ਕੀਤਾ ਗਿਆ। ਇਹ ਲੋਕਤੰਤਰ ਨਹੀਂ, ਤਾਨਾਸ਼ਾਹੀ ਹੈ।

ਕੁਝ ਅਸਮਾਜਿਕ ਵਿਆਕਤੀਆਂ ਵਲੋਂ ਇਸ ਅੰਦੋਲਨ ਉਪਰ ਧੱਕੇ ਨਾਲ ਕਿਸਾਨੀ ਸੰਘਰਸ਼ ਤੋਂ ਬਾਹਰੇ ਨਾਹਰੇ ਠੋਸ ਕੇ ਅਣਦਿਸਦੇ ਤਰੀਕੇ ਨਾਲ ਇਸ ਘੋਲ ਨੂੰ ਲੀਹ ਤੋਂ ਲਾਹੁਣ ਦੀ ਸੋਸ਼ਲ ਮੀਡੀਆ ਰਾਹੀਂ ਅਸਫਲ ਕੋਸਿਸ਼ ਵੀ ਕੀਤੀ ਗਈ ਪਰ ਕਿਸਾਨੀ ਅੰਦੋਲਨ ਦੇ ਵੱਡੇ ਹਿੱਸੇ ਨੇ ਉਹਨਾਂ ਨੂੰ ਧੁਰੋਂ ਨਕਾਰ ਦਿੱਤਾ ਅਤੇ ਕਿਸਾਨ ਜੱਥੇਬੰਦੀਆਂ ਦੇ ਲੀਡਰਾਂ ਦੀ ਅਗਵਾਈ ਉੱਤੇ ਸਰਬਸੰਮਤੀ ਨਾਲ ਮੋਹਰ ਲਾਈ। ਕਿਸਾਨੀ ਅੰਦੋਲਨ ਦੀ ਸ਼ਕਤੀ ਅਤੇ ਪ੍ਰਾਪਤੀ ਹੈ ਕਿ ਇਸ ਨੇ ਆਪਣੇ ਅਨੁਸ਼ਾਸ਼ਨ ਰਾਹੀਂ ਉਹਨਾਂ ਸੱਭ ਜੁਮਲਿਆਂ ਨੂੰ ਰੂੰ ਦੇ ਫੰਬਿਆਂ ਦੀ ਤਰ੍ਹਾਂ ਉਡਾ ਦਿੱਤਾ ਹੈ ਜੋ ਭਾਜਪਾ ਅਤੇ ਗੋਦੀ ਮੀਡੀਆ ਵੱਲੋਂ ਪ੍ਰਚਾਰੇ ਗਏ। ਅਜਿਹੇ ਇਲਜਾਮ ਮੋਦੀ/ਗੋਦੀ ਮੀਡੀਆ,ਭਾਜਪਾ ਆਗੂ ਅਤੇ ਮੰਤਰੀ ਅਤੇ ਉਹਨਾਂ ਦੇ ਸਮਰਥਕ ਜੇ ਐਨ ਯੂ, ਜਾਮੀਆ ਮਿਲੀਆ ਇਸਲਾਮੀਆ,ਅਲੀਗੜ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸ਼ਾਹੀਨ ਬਾਗ ਦੀਆਂ ਔਰਤਾਂ ਦੇ ਘੋਲਾਂ ਉਤੇ ਵੀ ਲਗਾਉਂਦੇ ਰਹੇ ਹਨ।ਇਸ ਝੂਠ ਅਤੇ ਦੁਸ਼ਟ ਪ੍ਰਚਾਰ ਦੀ ਮੁਹਿੰਮ ਦੇ ਘਟੀਆਂ ਹਮਲੇ ਨੂੰ ਸੱਭ ਤੋਂ ਵੱਧ ਝਲਣ ਵਾਲੀਆਂ ਵਿਦਿਆਰਥਣਾਂ,ਸ਼ਾਹੀਨ ਬਾਗ ਦੀਆਂ ਅੰਦੋਲਨਕਾਰੀ ਔਰਤਾਂ ਅਤੇ ਇਸ ਕਿਸਾਨ ਸੰਘਰਸ਼ ਦੀਆਂ ਅੰਦੋਲਨਕਾਰੀ ਔਰਤਾਂ ਇੱਕ ਜੁਟ ਹੋ ਕੇ ਕਹਿ ਰਹੀਆਂ ਹਨ ਕਿ ਤੁਸੀਂ ਸਾਨੂੰ ਧਰਮ ਦੇ ਨਾਂ ਉਤੇ ਕੋਝੇ ਪ੍ਰਚਾਰ ਰਾਹੀਂ ਵੰਡ ਨਹੀਂ ਸਕਦੇ। ਦੇਸ਼ ਦਾ ਇੱਕ ਮੰਤਰੀ ਮੰਨੂੰ ਸਿਮਰਤੀ ਦੀ ਮਾਨਸਿਕਤਾ ਨੂੰ ਪ੍ਰਨਾਇਆ ਦਿੱਲੀ ਦੇ ਬਾਰਡਰ ਤੋਂ ਔਰਤਾਂ ਅਤੇ ਬੱਚਿਆਂ ਨੂੰ ਠੰਡ ਦਾ ਬਾਹਾਨਾ ਬਣਾ ਕੇ ਵਾਪਿਸ ਭੇਜਣ ਲਈ ਕਿਸਾਨਾਂ ਨੂੰ ਸੁਨੇਹਾ ਭੇਜਦਾ ਹੋਇਆ ਲਿੰਗ ਭੇਦ ਦੀ ਰਾਜਨੀਤੀ ਨੂੰ ਉਤਸ਼ਾਹਿਤ ਕਰਦਾ ਹੈ।ਉਹ  ਇਸੇ ਹੀ ਦਸੰਬਰ ਮਹੀਨੇ  ਦੀ ਸਰਦ ਰੁਤ  ਵਿੱਚ ਮਾਤਾ ਗੁਜਰੀ ਜੀ ਦੀ ਠੰਡੇ ਬੁਰਜ ਵਿੱਚ ਸ਼ਹੀਦੀ ਅਤੇ ਸੱਤ ਤੇ ਨੌਂ ਸਾਲ ਦੇ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਦੀ ਕੁਰਬਾਨੀ ਨੂੰ ਭੁਲ ਜਾਂਦਾ ਹੈ ਜਿਸ ਤੋਂ ਅੰਦੋਲਨ ਕਾਰੀ  ਸਿੱਖ ਕਿਸਾਨ ਆਤਮਿਕ ਅਗਵਾਈ ਪ੍ਰਾਪਤ ਕਰ ਰਿਹਾ ਹੈ। ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਔਰਤਾਂ ਦੇ ਚੇਤਿਆਂ ਵਿੱਚ ਮਾਤਾ ਤ੍ਰਿਪਤਾ, ਮਾਤਾ ਸੁਲੱਖਣੀ, ਬੀਬੀ ਨਾਨਕੀ,ਬੀਬੀ ਭਾਨੀ,ਬੀਬੀ ਵੀਰੋ,ਮਾਈ ਭਾਗੋ ,ਹੋਰ ਸਿੱਖ ਮਾਤਾਵਾਂ ਅਤੇ ਗਦਰੀ ਗੁਲਾਬ ਕੌਰ ਦੇ ਆਜਾਦੀ ਦੀ ਲੜਾਈ ਵਿੱਚ ਪਾਏ ਯੋਗਦਾਨ ਅਜੇ ਤਾਜੇ ਹਨ। ਸਿੱਖ  ਗੁਰੂਆਂ ਵਲੋਂ ਵਰੋਸਾਈ ਲੰਗਰ ਦੀ ਪ੍ਰਥਾ ਨੇ ਇਸ ਸੰਘਰਸ਼ ਨੂੰ ਅਨੋਖੀ ਦਿੱਖ ਪ੍ਰਦਾਨ ਕੀਤੀ ਹੈ, ਭਾਈਚਾਰਕ ਸਾਂਝ ਨੂੰ ਮਜਬੂਤ ਕੀਤਾ ਹੈ ।                                                                                                                                                                               

ਇਸ ਮਹਾਨ ਸੰਘਰਸ਼ ਦਾ ਸਿਹਰਾ ਪੰਜਾਬ ਦੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਜਾਂਦਾ ਹੈ ਜਿਹਨਾਂ ਦੀ ਅਗਵਾਈ ਵਿੱਚ ਇਹ ਘੋਲ ਲੜਿਆ ਜਾ ਰਿਹਾ ਹੈ । 26 ਨਵੰਬਰ ਦਿੱਲੀ ਵੱਲ ਮਾਰਚ ਤੋਂ ਪਹਿਲਾਂ ਤਿਆਰੀ ਵਜੋਂ ਆਪਸ ਵਿੱਚ ਕੀਤੀਆਂ ਲੰਬੀਆਂ ਬਹਿਸਾਂ,ਕਿਸਾਨ ਜੱਥੇਬੰਦੀਆਂ ਦੇ ਵਰਕਰਾਂ ਦੀ ਪੰਜਾਬ ਵਿੱਚ ਦਿੱਤੇ ਜਾ ਰਹੇ ਧਰਨਿਆਂ ਦੋਰਾਨ ਕਾਨੂੰਨਾਂ ਬਾਰੇ ਬਣੀ ਪੁਖਤਾ ਸਮਝ ਅਤੇ ਖੇਤੀ ਵਿਰਾਸਤ ਉੱਤੇ ਹੋਏ ਸਿੱਧੇ ਹਮਲੇ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਇਸ ਮਹਾਨ ਮਾਰਚ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਰਿਆ। ਕਿਸਾਨੀ ਸੰਘਰਸ਼ ਨੇ ਜਿੱਥੇ ਵੱਡੇ ਸੁਨੇਹੇ ਪੰਜਾਬ ਅਤੇ ਹਰਿਆਣਾ ਦੇ ਜਨ ਮਾਨਸ ਨੂੰ ਦਿਤੇ ਹਨ ਉੱਥੇ ਇਸ ਸੰਘਰਸ਼ ਦੇ ਵਿਭਿੰਨ ਬਿੰਬਾਂ ਨੇ ਭਵਿਖ ਵਿੱਚ ਹਿੰਦੁਸਤਾਨ ਵਿੱਚ ਲੜੇ ਜਾਣ ਵਾਲੇ ਘੋਲਾਂ ਨੂੰ ਹਾਂ ਪੱਖੀ ਸ਼ਕਤੀ ਪ੍ਰਦਾਨ ਕੀਤੀ ਹੈ।“ਬੁਕ ਆਫ ਟੋਕਰਾ “ਤੋਂ ਬਾਦ ਪੁਸਤਕਾਂ ਦੇ ਸਟਾਲ, ਟਰਾਲੀਆਂ ਵਾਲੇ ਪਿੰਡਾਂ ਵਿਚੋਂ ਮੀਡੀਆ ਨਾਲ ਬੇਬਾਕ ਅਤੇ ਪੁਖਤਾ ਟਿੱਪਣੀਆਂ ਕਰਦੇ ਕਿਸਾਨ,ਅਖਬਾਰਾਂ ਅਤੇ ਪੁਸਤਕਾਂ ਪੜ੍ਹਦੇ ਕਿਸਾਨ , ਸਪਤਾਹਿਕ ਅਖਬਾਰ ਟਰਾਲੀ ਟਾਈਮਜ ਦਾ ਨਿਕਲਣਾ ਆਦਿ ਅਜਿਹੇ ਪ੍ਰਤੀਕ ਹਨ ਜੋ ਆਉਣ ਵਾਲੇ ਸੰਘਰਸਾਂ ਦੀ ਨਵੀਂ ਦਿਸਾ ਤਹਿ ਕਰਨਗੇ।”ਬੋਲੇ ਸੋ ਨਿਹਾਲ,ਸਤਿ ਸ੍ਰੀ ਅਕਾਲ”ਅਤੇ “ਇਨਕਲਾਬ ਜਿੰਦਾਬਾਦ”ਦੇ ਜੈਕਾਰੇ ,ਕਿਸਾਨ ਇਕੋ ਸੁਰ ਵਿੱਚ ਛੱਡਦੇ ਹਨ। ਕਿਸਾਨ  ਏਕਤਾ ਮੋਰਚਾ ਜਿੰਦਾਬਾਦ, ਕਾਲੇ ਕਾਨੂੰਨ ਵਾਪਸ ਲਵੋ,”ਮੋਦੀ ਸਰਕਾਰ ਮੁਰਦਾਬਾਦ”ਦੇ ਨਾਹਰਿਆਂ ਨੇ ਵਿਰੋਧ ਕਰਨ ਦੇ ਲੋਕਤੰਤਰਿਕ ਅਧਿਕਾਰ ਵਿੱਚ ਵਿਸ਼ਵਾਸ਼ ਜਗਾਇਆ ਹੈ।  

ਭਾਰਤ ਦਾ ਮਹਿਲਾ ਅੰਦੋਲਨ ਸਮੁੱਚੇ ਤੌਰ ਤੇ ਅਤੇ ਪੰਜਾਬ ਦਾ ਨਾਰੀ ਅੰਦੋਲਨ ਵਿਸ਼ੇਸ਼ ਤੌਰ ਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਸੰਘਰਸ਼ ਨੂੰ ਪੂਰਾ ਸਮਰਥਨ ਦਿੰਦਾ ਹੈ। ਪੰਜਾਬ ਮਹਿਲਾ ਸਮੂਹ (Punjab Women Collective) ਦੀਆਂ ਔਰਤਾਂ ਅੰਦੋਲਨਕਾਰੀ ਬਹਾਦਰ ਕਿਸਾਨ ਭੈਣਾਂ ਭਰਾਵਾਂ ਵਿੱਚ ਇਕ ਜੁੱਟ ਹੋ ਕੇ ਬਾਡਰ ਉਤੇ ਬੈਠੀਆਂ ਹਨ । ਪੰਜਾਬ ਵੋਮੈਨ ਕੁਲੈਕਟਿਵ   (Punjab Women Collective) ਦੀ ਮੰਗ ਹੈ ਕਿ ਸਰਕਾਰ ਬਗੈਰ ਸਰਤ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਿਸ ਲਵੇ।    

“ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ ਅਸੀਂ ਲੜਾਂਗੇ ਸਾਥੀ ਕਿ ਅਜੇ ਤੱਕ ਲੜੇ ਕਿਉਂ ਨਹੀਂ”

“ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ”

“ਲੇ ਮਿਸਾਲੇਂ ਚਲ ਪੜੇ ਹੈਂ ਲੋਗ ਮੇਰੇ ਗਾਂਓ ਕੇ, ਅਬ ਹਨੇਰਾ ਜੀਤ ਲੇਗੇਂ ਲੋਗ ਮੇਰੇ ਗਾਂਓ ।“

“ਮਿਸਾਲਾਂ ਬਾਲ ਕੇ ਚਲਨਾ ਜਦੋਂ ਤਕ ਰਾਤ ਬਾਕੀ ਹੈ , ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤਕ ਰਾਤ ਬਾਕੀ ਹੈ। “

 ਮਿਸਾਲਾਂ ਬਾਲ ਕੇ ਚਲਨਾ ਜਦੋਂ ਤਕ ਰਾਤ ਬਾਕੀ ਹੈ ,

ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤਕ ਰਾਤ ਬਾਕੀ ਹੈ।

issued by Punjab Women Collective, Coordination Committee – Dr Kanwaljit Dhillon (NFIW ), Kamayani Bali (PWC) Dr Surinder Jaipal, Neelam Ghuman , ( Janwadi Istri Sabha ) , Aman Deol (Istri Jagriti Manch )Rajinder Pal Kaur ,Narinder Sohal, (Punjab Stri Sabha ) , Indu Dhawan ( People for peace & comity ), Jasbir Kaur Natt (AIPWA ), Asha Sharma ( AIDWA)